ਕਾਰ ਖਰੀਦਦੇ ਸਮੇਂ ਹੇਠ ਲਿਖੀ ਜਾਣਕਾਰੀ ਤੁਹਾਨੂੰ ਸਹੀ ਫੈਸਲੇ ਲੈਣ ਵਿੱਚ ਮਦਦ ਕਰੇਗੀ।
ਕਾਰ ਖਰੀਦਣ ਤੋਂ ਪਹਿਲਾਂ
1. ਆਪਣੀ ਖੋਜ ਕਰੋ
- ਅਖਬਾਰਾਂ ਅਤੇ ਇੰਟਰਨੈਟ ਉਪਰ ਦਿੱਤੇ ਇਸ਼ਤਿਹਾਰਾਂ ਵਿੱਚੋਂ ਕੀਮਤਾਂ ਦੀ ਤੁਲਨਾ ਕਰੋ। ਕਾਰਾਂ ਦੇ ਵੱਖ ਵੱਖ ਹਾਤਿਆਂ ਵਿੱਚ ਜਾਓ।
- ਤੁਸੀਂ ਕੀਮਤ ਦਾ ਮੁੱਲ ਭਾਅ ਕਰ ਸਕਦੇ ਹੋ, ਖਾਸ ਤੌਰ ਤੇ ਜੇ ਤੁਸੀਂ ਪੁਰਾਣੀ ਕਾਰ ਖਰੀਦ ਰਹੇ ਹੋ।
- ਕਾਰਾਂ ਵਾਲੇ ਰਿਸਾਲੇ ਅਤੇ ਵੈਬਸਾਈਟਾਂ ਕਾਰ ਦੀ ਕਾਰਗੁਜ਼ਾਰੀ, ਤੇਲ ਦੇ ਖਰਚਿਆਂ, ਸੁਰੱਖਿਆ ਵਿਸ਼ੇਸ਼ਤਾਵਾਂ ਅਤੇ ਹੋਰ ਵੇਰਵਿਆਂ ਬਾਰੇ ਜਾਣਕਾਰੀ ਪ੍ਰਦਾਨ ਕਰ ਸਕਦੀਆਂ ਹਨ।
- ਵੱਖ ਵੱਖ ਕਾਰਾਂ ਦੀ ਲਗਾਤਾਰ ਹੋਣ ਵਾਲੀ ਮੁਰੰਮਤ ਦੀ ਲਾਗਤ ਬਾਰੇ ਜਾਣਕਾਰੀ ਪਤਾ ਕਰੋ। ਉਦਾਹਰਣ ਵਜੋਂ, ਬਾਹਰੋਂ ਮੰਗਵਾਈਆਂ ਗਈਆਂ ਕਾਰਾਂ ਦੀ ਸਰਵਿਸ ਅਤੇ ਮੁਰੰਮਤ ਜ਼ਿਆਦਾ ਮਹਿੰਗੀ ਹੋ ਸਕਦੀ ਹੈ।
- ਹੇਠ ਲਿਖੇ ਸਾਧਨ ਵਧੀਆ ਜਾਣਕਾਰੀ ਪ੍ਰਦਾਨ ਕਰ ਸਕਦੇ ਹਨ:
2. ਕਰਜ਼ੇ ਅਤੇ ਬੀਮੇ ਵਾਸਤੇ ਏਧਰੋਂ ਓਧਰੋਂ ਪਤਾ ਕਰੋ
- ਬਹੁਤੇ ਲਾਈਸੈਂਸਸ਼ੁਦਾ ਮੋਟਰ ਕਾਰ ਵਪਾਰੀ ਕਰਜ਼ੇ ਦੀ ਪੇਸ਼ਕਸ਼ ਕਰਦੇ ਹਨ। ਭਾਂਵੇਂ ਕਿ, ਇਹ ਤੁਹਾਡੇ ਵਾਸਤੇ ਸਭ ਤੋਂ ਸਸਤਾ ਜਾਂ ਵਧੀਆ ਵਿਕਲਪ ਨਾ ਹੀ ਹੋਵੇ।
- ਬੈਂਕਾਂ, ਕਰੈਡਿਟ ਯੂਨੀਅਨਾਂ ਅਤੇ ਹੋਰ ਵਿੱਤੀ ਸੰਸਥਾਵਾਂ ਜੋ ਕਰਜ਼ਾ ਦਿੰਦੀਆਂ ਹਨ, ਦੀਆਂ ਦਰਾਂ ਅਤੇ ਫੀਸਾਂ ਵੀ ਜਾਂਚੋ।
- ਜਦ ਤੱਕ ਤੁਹਾਡਾ ਕਰਜ਼ਾ ਮਨਜ਼ੂਰ ਨਹੀਂ ਹੋ ਜਾਂਦਾ, ਕਾਰ ਖਰੀਦਣ ਵਾਸਤੇ ਇਕਰਾਰਨਾਮੇ ਉਪਰ ਦਸਤਖਤ ਨਾ ਕਰੋ।
- ਹਾਲਾਂਕਿ ਇਹ ਜ਼ਰੂਰੀ ਨਹੀਂ ਹੈ, ਫਿਰ ਵੀ ਜੇ ਤੁਸੀਂ ਕਾਰ ਖਰੀਦ ਰਹੇ ਹੋ, ਬੀਮਾ ਕਰਵਾਉਣਾ ਚੰਗੀ ਗੱਲ ਹੈ। ਜੇ ਤੁਹਾਡਾ ਹਾਦਸਾ ਹੋ ਜਾਂਦਾ ਹੈ ਜਾਂ ਗੱਡੀ ਚੋਰੀ ਹੋ ਜਾਂਦੀ ਹੈ, ਨੁਕਸਾਨ ਹੋ ਜਾਂਦਾ ਹੈ ਜਾਂ ਭੰਨ ਤੋੜ ਦਿੱਤੀ ਜਾਂਦੀ ਹੈ, ਬੀਮਾ ਤੁਹਾਨੂੰ ਇਹਨਾਂ ਲਾਗਤਾਂ ਤੋਂ ਬਚਾਉਂਦਾ ਹੈ।
- ਤੁਸੀਂ ਜਿੱਥੋਂ ਵੀ ਪਸੰਦ ਕਰੋ ਕਿਸੇ ਵੀ ਪ੍ਰਦਾਤਾ ਪਾਸੋਂ ਬੀਮਾ ਲੈ ਸਕਦੇ ਹੋ। ਯਕੀਨੀ ਬਣਾਓ ਕਿ ਤੁਸੀਂ ਬੀਮੇ ਦੀ ਲਾਗਤ ਆਪਣੇ ਬਜਟ ਵਿੱਚ ਜੋੜ ਲਈ ਹੈ।
- ਵੱਖ ਵੱਖ ਤਰ੍ਹਾਂ ਦੀਆਂ ਕਾਰਾਂ ਅਤੇ ਤੁਹਾਡੇ ਗੱਡੀ ਚਲਾਉਣ ਦੇ ਦਰਜੇ ਵਾਸਤੇ ਬੀਮੇ ਦੀ ਲਾਗਤ ਵੱਖਰੀ ਹੋਵੇਗੀ। ਜੇ 25 ਸਾਲ ਤੋਂ ਘੱਟ ਉਮਰ ਵਾਲੇ ਤੁਸੀਂ ਜਾਂ ਕੋਈ ਹੋਰ ਕਾਰ ਨੂੰ ਚਲਾਵੇਗਾ ਤਾਂ ਤੁਹਾਨੂੰ ਜ਼ਿਆਦਾ ਭੁਗਤਾਨ ਵੀ ਕਰਨਾ ਪੈ ਸਕਦਾ ਹੈ।
3. ਕਾਰ ਖਰੀਦਣ ਵਾਸਤੇ ਸਭ ਤੋਂ ਵਧੀਆ ਤਰੀਕਾ ਚੁਣੋ
- ਆਮ ਤੌਰ ਤੇ, ਬਹੁਤੀਆਂ ਨਵੀਆਂ ਕਾਰਾਂ ਲਾਈਸੈਂਸਸ਼ੁਦਾ ਮੋਟਰ ਕਾਰ ਵਪਾਰੀ ਰਾਹੀਂ ਖਰੀਦੀਆਂ ਜਾਂਦੀਆਂ ਹਨ।
- ਭਾਂਵੇਂ ਕਿ, ਇਕ ਪੁਰਾਣੀ ਕਾਰ ਤੁਸੀਂ ਨਿੱਜੀ ਵੇਚਣ ਵਾਲੇ ਪਾਸੋਂ ਜਾਂ ਨਿਲਾਮ ਘਰ ਤੋਂ ਵੀ ਖਰੀਦ ਸਕਦੇ ਹੋ। ਯਕੀਨੀ ਬਣਾਓ ਕਿ ਤੁਸੀਂ ਆਪਣੇ ਲਈ ਸਭ ਤੋਂ ਵਧੀਆ ਵਿਕਲਪ ਚੁਣੋ।
- ਕਈ ਵਾਰ ਨਿੱਜੀ ਵੇਚਣ ਵਾਲੇ ਤੋਂ ਜਾਂ ਨਿਲਾਮ ਘਰ ਤੋਂ ਕਾਰ ਖਰੀਦਣੀ ਸਸਤੀ ਹੋ ਸਕਦੀ ਹੈ, ਪਰ ਇਹ ਖਤਰੇ ਵਾਲੀ ਹੋ ਸਕਦੀ ਹੈ, ਕਿਉਂਕਿ ਤੁਹਾਨੂੰ ਉਨ੍ਹੇਂ ਜ਼ਿਆਦਾ ਕਾਨੂੰਨੀ ਅਧਿਕਾਰ ਨਹੀਂ ਮਿਲਦੇ ਜਿੰਨ੍ਹੇ ਲਾਈਸੈਂਸਸ਼ੁਦਾ ਮੋਟਰ ਕਾਰ ਵਪਾਰੀ ਤੋਂ ਖਰੀਦਣ ਲੱਗਿਆਂ ਮਿਲਦੇ ਹਨ। ਤੁਸੀਂ ਕਾਰ ਖਰੀਦਣ ਤੋਂ ਪਹਿਲਾਂ ਇਸ ਨੂੰ ਪਰਖਣ ਦੇ ਯੋਗ ਵੀ ਨਹੀਂ ਹੋ ਸਕੋਗੇ।
- ਤੁਹਾਨੂੰ ਜ਼ਿਆਦਾ ਕਾਨੂੰਨੀ ਅਧਿਕਾਰ ਮਿਲਦੇਹਨ ਜੇ ਤੁਸੀਂ ਲਾਈਸੈਂਸਸ਼ੁਦਾ ਮੋਟਰ ਕਾਰ ਵਪਾਰੀ ਤੋਂ ਖਰੀਦਦੇ ਹੋ। ਉਦਾਹਰਣ ਵਜੋਂ, ਕਾਰ ਦਾ ਇਕਰਾਰਨਾਮਾ ਦਸਤਖਤ ਕਰਨ ਤੋਂ ਬਾਅਦ ਆਪਣਾ ਫੈਸਲਾ ਬਦਲਣ ਲਈ ਤੁਹਾਨੂੰ ਤਿੰਨ ਦਿਨ ਮਿਲਣਗੇ।
- ਲਾਈਸੈਂਸਸ਼ੁਦਾ ਮੋਟਰ ਕਾਰ ਵਪਾਰੀ ਤੋਂ ਖਰੀਦਦੇ ਸਮੇਂ ਤੁਹਾਨੂੰ ਵਾਰੰਟੀ ਵੀ ਮਿਲੇਗੀ। ਵਾਰੰਟੀ ਦਾ ਮਤਲਬ ਜੇ ਕਾਰ ਖਰੀਦਣ ਤੋਂ ਬਾਅਦ ਕੁਝ ਖਾਸ ਨੁਕਸ ਨਿਕਲ ਆਉਂਦੇ ਹਨ ਤਾਂ ਤੁਹਾਨੂੰ ਇਸ ਵਾਸਤੇ ਭੁਗਤਾਨ ਨਹੀਂ ਕਰਨਾ ਪਵੇਗਾ।
- ਲਾਈਸੈਂਸਸ਼ੁਦਾ ਵਪਾਰੀ ਅਤੇ ਨਿੱਜੀ ਵੇਚਣ ਵਾਲੇ ਦੋਵੇਂ ਹੀ ਔਨਲਾਈਨ ਕਾਰਾਂ ਵੇਚਦੇ ਹਨ। ਜਿਹੜੀ ਕਾਰ ਤੁਸੀਂ ਨਿੱਜੀ ਤੌਰ ਤੇ ਨਹੀਂ ਵੇਖੀ, ਉਸ ਨੂੰ ਖਰੀਦਣ ਤੋਂ ਪਹਿਲਾਂ ਬਹੁਤ ਸਾਵਧਾਨ ਰਹੋ।
- ਖਰੀਦਣ ਤੋਂ ਪਹਿਲਾਂ ਕਾਰ ਦੀ ਮਕੈਨੀਕਲ ਅਵਸਥਾ ਦਾ ਆਜ਼ਾਦ ਮੁਲਾਂਕਣ ਕਿਸੇ ਪਾਸੋਂ ਕਰਵਾਓ ਜਿਸ ਉਪਰ ਤੁਸੀਂ ਭਰੋਸਾ ਕਰਦੇ ਹੋ।
- ਜੇ ਤੁਸੀਂ ਔਨਲਾਈਨ ਕਾਰ ਦੀ ਵਿਕਰੀ ਦਾ ਇਕ ਇਸ਼ਤਿਹਾਰ ਵੇਖਦੇ ਹੋ ਜੋ ਕਿ ਉਮੀਦ ਕੀਤੀ ਜਾਣ ਵਾਲੀ ਕੀਮਤ ਤੋਂ ਬਹੁਤ ਹੀ ਘੱਟ ਹੈ ਤਾਂ ਚੌਕਸ ਹੋ ਜਾਵੋ। ਇਹ ਘੋਟਾਲਾ ਹੋ ਸਕਦਾ ਹੈ, ਜਿਸ ਵਿੱਚ ਤੁਹਾਨੂੰ ਕਾਰ ਨੂੰ ਖਰੀਦਣ ਲਈ ਅਗਾਊਂ ਰਾਸ਼ੀ ਜਮ੍ਹਾਂ ਕਰਵਾਉਣ ਲਈ ਕਿਹਾ ਜਾਂਦਾ ਹੈ, ਜਦੋਂ ਕਿ ਅਸਲ ਵਿੱਚ ਕਾਰ ਹੁੰਦੀ ਹੀ ਨਹੀਂ ਹੈ।
ਕਾਰ ਖਰੀਦਣ ਵੇਲੇ
1. ਇਕਰਾਰਨਾਮਾ ਦਸਤਖਤ ਕਰਨਾ
- ਦਬਾਅ ਦੇ ਥੱਲੇ ਇਕਰਾਰਨਾਮਾ ਦਸਤਖਤ ਨਾ ਕਰੋ ਇਕਰਾਰਨਾਮੇ ਨੂੰ ਸਮਝਣ ਲਈ ਸਮਾਂ ਲਓ। ਜੇ ਤੁਸੀਂ ਇਸ ਨੂੰ ਨਹੀਂ ਸਮਝਦੇ, ਉਸ ਨੂੰ ਵਿਖਾਓ ਜੋ ਸਮਝੇਗਾ।
- ਪਹਿਲੀ ਵਾਰ ਕਾਰ ਵੇਖਣ ਸਮੇਂ ਇਕਰਾਰਨਾਮਾ ਦਸਤਖਤ ਕਰਨ ਦੀ ਕੋਸ਼ਿਸ਼ ਨਾ ਕਰੋ। ਵਿਕਰੀ ਵਾਲੀ ਜਗ੍ਹਾ ਤੋਂ ਪਰ੍ਹੇ ਇਹ ਵੇਖਣ ਲਈ ਸਮਾਂ ਲਵੋ ਕਿ ਕੀ ਇਹ ਕਾਰ ਤੁਹਾਡੇ ਲਈ ਠੀਕ ਹੈ।
- ਇਕਰਾਰਨਾਮੇ ਵਿੱਚ ਜੇਕਰ ਕੋਈ ਚੀਜ਼ਾਂ ਹਨ ਜਿਸ ਨਾਲ ਤੁਸੀ ਸਹਿਮਤ ਨਹੀਂ ਹੋ, ਉਹਨਾਂ ਨੂੰ ਵੇਚਣ ਵਾਲੇ ਨਾਲ ਵਿਚਾਰੋ। ਇਕਰਾਰਨਾਮੇ ਦੀਆਂ ਸ਼ਰਤਾਂ ਬਦਲਣਾ ਸੰਭਵ ਹੈ।
2. ਆਪਣਾ ਮਨ ਬਦਲ ਲੈਣਾ
- ਯਾਦ ਰੱਖੋ, ਜੇ ਤੁਸੀਂ ਲਾਈਸੈਂਸਸ਼ੁਦਾ ਮੋਟਰ ਕਾਰ ਵਪਾਰੀ ਤੋਂ ਖਰੀਦਣ ਲਈ ਇਕਰਾਰਨਾਮਾ ਦਸਤਖਤ ਕਰਦੇ ਹੋ, ਤੁਹਾਨੂੰ ਤਿੰਨ ਵਪਾਰਕ ਦਿਨਾਂ ਦਾ ‘ਮਨ ਬਦਲਣ ਦਾ’ ਸਮਾਂ ਮਿਲੇਗਾ। ਇਸ ਦਾ ਮਤਲਬ ਤੁਹਾਡੇ ਕੋਲ ਕਾਰ ਖਰੀਦਣ ਬਾਰੇ ਆਪਣਾ ਮਨ ਬਦਲਣ ਲਈ ਤਿੰਨ ਵਪਾਰਕ ਦਿਨਾਂ ਦਾ ਸਮਾਂ ਹੈ।
- ਜੇਕਰ ਤੁਸੀਂ ਤਿੰਨ ਦਿਨਾਂ ਦੇ ਅੰਦਰ ਆਪਣਾ ਮਨ ਬਦਲਣ ਦਾ ਫੈਸਲਾ ਲੈਂਦੇ ਹੋ, ਵਪਾਰੀ ਰੱਖ ਸਕਦਾ ਹੈ:
- 400 ਡਾਲਰ ਜਾਂ ਵੇਚਣ ਵਾਲੀ ਕੀਮਤ ਦਾ ਦੋ ਪ੍ਰਤੀਸ਼ਤ, ਜਿਹੜਾ ਵੀ ਜ਼ਿਆਦਾ ਹੋਵੇ (ਨਵੀਆਂ ਕਾਰਾਂ ਲਈ), ਜਾਂ
- 100 ਡਾਲਰ ਜਾਂ ਵੇਚਣ ਵਾਲੀ ਕੀਮਤ ਦਾ ਇਕ ਪ੍ਰਤੀਸ਼ਤ, ਜਿਹੜਾ ਵੀ ਜ਼ਿਆਦਾ ਹੋਵੇ (ਪੁਰਾਣੀਆਂ ਕਾਰਾਂ ਲਈ)।
3. ਵਾਰੰਟੀਆਂ
- ਯਾਦ ਰੱਖੋ, ਜਦੋਂ ਤੁਸੀਂ ਲਾਈਸੈਂਸਸ਼ੁਦਾ ਮੋਟਰ ਕਾਰ ਵਪਾਰੀ ਤੋਂ ਕਾਰ ਖਰੀਦਦੇ ਹੋ, ਤੁਹਾਨੂੰ ਵਾਰੰਟੀ ਮਿਲਦੀ ਹੈ। ਵਾਰੰਟੀ ਤੁਹਾਨੂੰ ਨੁਕਸਾਂ ਨੂੰ ਠੀਕ ਕਰਨ ਵਾਸਤੇ ਭੁਗਤਾਨ ਕਰਨ ਤੋਂ ਬਚਾਉਂਦੀ ਹੈ, ਜੋ ਭਵਿੱਖ ਵਿੱਚ ਕਾਰ ਵਿੱਚ ਨਿਕਲ ਸਕਦੇ ਹਨ। ਨਵੀਆਂ ਕਾਰਾਂ ਦੀਆਂ ਵਾਰੰਟੀ ਦੀਆਂ ਮਿਆਦਾਂ ਵੱਖ ਵੱਖ ਹੋ ਸਕਦੀਆਂ ਹਨ। ਨਿੱਜੀ ਜਾਂ ਨਿਲਾਮੀ ਵਾਲੀ ਵਿਕਰੀ ਉਪਰ ਕੋਈ ਵਾਰੰਟੀ ਨਹੀਂ ਹੁੰਦੀ ਹੈ।
- ਜਦੋਂ ਤੁਸੀਂ ਲਾਈਸੈਂਸਸ਼ੁਦਾ ਮੋਟਰ ਕਾਰ ਵਪਾਰੀ ਤੋਂ ਪੁਰਾਣੀ ਕਾਰ ਖਰੀਦਦੇ ਹੋ, ਉਹਨਾਂ ਨੂੰ ਤੁਹਾਨੂੰ ਵਾਰੰਟੀ ਜ਼ਰੂਰ ਦੇਣੀ ਪਵੇਗੀ ਜੇਕਰ ਕਾਰ:
- 10 ਸਾਲ ਤੋਂ ਘੱਟ ਪੁਰਾਣੀ ਹੈ, ਅਤੇ
- 160,000 ਕਿਲੋਮੀਟਰ ਤੋਂ ਘੱਟ ਚੱਲੀ ਹੋਈ ਹੈ।
- ਪੁਰਾਣੀ ਕਾਰ ਦੀ ਕਾਨੂੰਨੀ ਵਾਰੰਟੀ ਤਿੰਨ ਮਹੀਨਿਆਂ ਜਾਂ 5000 ਕਿਲੋਮੀਟਰ ਤੱਕ ਚੱਲਦੀ ਹੈ, ਜਿਹੜੀ ਵੀ ਪਹਿਲਾਂ ਆ ਜਾਵੇ। ਵਪਾਰੀ ਵਾਰੰਟੀ ਦੀ ਮਿਆਦ ਦੇ ਅੰਦਰ ਕਿਸੇ ਵੀ ਲੱਭੇ ਨੁਕਸਾਂ ਦੀ ਮੁਰੰਮਤ ਜ਼ਰੂਰ ਕਰੇਗਾ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਕਾਰ ਆਪਣੀ ਉਮਰ ਦੇ ਹਿਸਾਬ ਨਾਲ ਉਚਿੱਤ ਅਵਸਥਾ ਵਿੱਚ ਹੈ।
- ਕਾਨੂੰਨੀ ਵਾਰੰਟੀ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ, ਆਸਟ੍ਰੇਲੀਆ ਦੇ ਉਪਭੋਗਤਾ ਕਾਨੂੰਨ ਦੇ ਅਧੀਨ ਤੁਹਾਡੇ ਕੋਲ ਅਜੇ ਵੀ ਅਧਿਕਾਰ ਹਨ ਜੇਕਰ ਤੁਹਾਡੀ ਕਾਰ ਨਾਲ ਕੋਈ ਮੁਸ਼ਕਿਲ ਹੈ। ਭਾਂਵੇਂ ਕਿ, ਰੱਖਿਆ ਦਾ ਦਰਜਾ ਕੁਝ ਚੀਜਾਂ ਉਪਰ ਨਿਰਭਰ ਕਰਦਾ ਹੈ ਜਿਵੇਂ ਕਿ ਕਾਰ ਦੀ ਉਮਰ ਅਤੇ ਅਵਸਥਾ।
- ਡੀਲਰ ਵਧੀਆਂ ਹੋਈਆਂ ਵਾਰੰਟੀਆਂ ਦੀ ਪੇਸ਼ਕਸ਼ ਵੀ ਕਰ ਸਕਦੇ ਹਨ। ਇਹ ਵਾਰੰਟੀਆਂ ਨਿਰਮਾਤਾ ਦੀ ਮੁਢਲੀ ਵਾਰੰਟੀ ਦੁਆਰਾ ਪ੍ਰਦਾਨ ਕੀਤੀ ਮਿਆਦ ਨੂੰ ਆਮ ਤੌਰ ਤੇ ਵਾਧੂ ਲਾਗਤ ਨਾਲ ਹੋਰ ਅੱਗੇ ਵਧਾਉਂਦੀਆਂ ਹਨ। ਤੁਹਾਨੂੰ ਵਧੀ ਹੋਈ ਵਾਰੰਟੀ ਲੈਣ ਦੀ ਲੋੜ ਨਹੀਂ ਹੈ।
4. ਜਾਣੋ ਕਿ ਅਸਲ ਵਿੱਚ ਤੁਸੀਂ ਕਿੰਨਾ ਭੁਗਤਾਨ ਕਰ ਰਹੇ ਹੋ
- ਜਦੋਂ ਤੁਸੀਂ ਲਾਈਸੈਂਸਸ਼ੁਦਾ ਕਾਰ ਹਾਤੇ ਵਿੱਚੋਂ ਕਾਰ ਖਰੀਦ ਰਹੇ ਹੋ, ‘ਪੂਰੀ’ ਕੀਮਤ ਦਾ ਪਤਾ ਲਗਾਉਣਾ ਯਕੀਨੀ ਬਣਾਓ। ਪੂਰੀ ਕੀਮਤ ਵਿੱਚ ਵਾਧੂ ਲਾਗਤਾਂ ਜਿਵੇਂ ਕਿ ਸਰਕਾਰੀ ਫੀਸ ਅਤੇ ਰਜਿਸਟ੍ਰੇਸ਼ਨ ਸ਼ਾਮਲ ਹਨ।
ਕਾਰ ਖਰੀਦਣ ਤੋਂ ਬਾਅਦ
1. ਕਾਰ ਦੀ ਸਰਵਿਸ ਕਰਵਾਉਣੀ
- ਆਪਣੀ ਕਾਰ ਦੀ ਨਿਯਮਤ ਤੌਰ ਤੇ ਸਰਵਿਸ ਕਰਵਾਉਣੀ ਯਕੀਨੀ ਬਣਾਓ। ਇਹ ਇਸ ਦੀ ਅਵਸਥਾ ਅਤੇ ਕੀਮਤ ਨੂੰ ਬਣਾਈ ਰੱਖਣ ਵਿੱਚ ਸਹਾਇਤਾ ਕਰੇਗਾ।
2. ਕਾਰ ਦੀ ਮੁਰੰਮਤ
- ਮਕੈਨਿਕ ਚੁਣਦੇ ਸਮੇਂ, ਪਤਾ ਕਰੋ ਕਿ ਉਹ ਕਿਸੇ ਸੰਸਥਾ ਨਾਲ ਸਬੰਧਿਤ ਹਨ ਜਿਵੇਂ ਕਿ RACV ਅਤੇ Victorian Automobile Chamber of Commerce (VACC), ਜਿੰਨ੍ਹਾ ਦੇ ਮੈਂਬਰ ਇਖਲਾਕ ਦੇ ਕੋਡ ਦੀ ਜ਼ਰੂਰ ਪਾਲਣਾ ਕਰਦੇ ਹਨ।
- ਆਪਣੀ ਕਾਰ ਨੂੰ ਸਰਵਿਸ ਲਈ ਲਿਜਾਂਦੇ ਸਮੇਂ, ਮਕੈਨਿਕ ਨੂੰ ਸਪਸ਼ਟ ਤੌਰ ਤੇ ਸਮਝਾਓ ਕਿ ਕਿਹੜਾ ਕੰਮ ਕਰਨ ਵਾਲਾ ਹੈ।
- ਤਰਜੀਹੀ ਤੌਰ ਤੇ ਲਿਖਤੀ ਰੂਪ ਵਿੱਚ, ਪਹਿਲਾਂ ਲਾਗਤ ਦਾ ਪਤਾ ਕਰ ਲਓ।
- ਕਈ ਵਾਰ, ਮਕੈਨਿਕ ਕਾਰ ਵਿੱਚ ਨੁਕਸ ਵਾਲੀਆਂ ਦੂਸਰੀਆਂ ਚੀਜਾਂ ਲੱਭ ਲੈਂਦੇ ਹਨ। ਯਕੀਨੀ ਬਣਾਓ ਕਿ ਮਕੈਨਿਕ ਕਾਰ ਵਿੱਚ ਵਾਧੂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਫੋਨ ਕਰੇ ਜੋ ਤੁਸੀਂ ਅਧਿਕਾਰਤ ਨਹੀਂ ਕੀਤਾ ਹੈ। ਉਹਨਾਂ ਮੁਰੰਮਤਾਂ ਲਈ ਸਹਿਮਤ ਹੋਣ ਤੋਂ ਪਹਿਲਾਂ ਯਕੀਨੀ ਬਣਾਓ ਕਿ ਮੰਗੀ ਗਈ ਲਾਗਤ ਲਿਖਤੀ ਰੂਪ ਵਿੱਚ ਹੈ।
- ਜੇ ਤੁਸੀਂ ਤੇ ਮਕੈਨਿਕ ਤੁਹਾਡੀ ਕਾਰ ਦੀ ਮੁਰੰਮਤ ਦੀ ਲਾਗਤ ਨਾਲ ਸਹਿਮਤ ਨਹੀਂ ਹੋ ਸਕਦੇ,Consumer Affairs Victoria ਮੁਸ਼ਕਿਲ ਦਾ ਹੱਲ ਕੱਢਣ ਵਿੱਚ ਸਹਾਇਤਾ ਕਰ ਸਕਦਾ ਹੈ। ਵੇਰਵਿਆਂ ਲਈ, ਵਿਵਾਦ ਨੂੰ ਸੁਲਝਾਉਣ ਵਾਲੇ ਸਾਡੇ ਸਫੇ ਨੂੰ ਵੇਖੋ
ਕਿਰਾਏ ਦੀਆਂ ਕਾਰਾਂ
- ਜੇ ਤੁਸੀਂ ਕਾਰ ਕਿਰਾਏ ਉਪਰ ਲੈਂਦੇ ਹੋ, ਕਿਰਾਏ ਤੇ ਦੇਣ ਵਾਲੀ ਕੰਪਨੀ ਇਹ ਜ਼ਰੂਰ ਯਕੀਨੀ ਬਣਾਏ ਕਿ ਇਹ ਢੁਕਵੀਂ ਗੁਣਵੱਤਾ ਵਾਲੀ ਹੈ।
- ਕਾਰ ਕਿਰਾਏ ਤੇ ਲੈਣ ਦੇ ਇਕਰਾਰਨਾਮੇ ਉਪਰ ਦਸਤਖਤ ਕਰਨ ਤੋਂ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਪੜ੍ਹ ਅਤੇ ਸਮਝਣਾ ਯਕੀਨੀ ਬਣਾਓ। ਜੇ ਤੁਸੀਂ ਇਸ ਨੂੰ ਨਹੀਂ ਸਮਝਦੇ, ਉਸ ਨੂੰ ਵਿਖਾਓ ਜੋ ਸਮਝੇਗਾ।
- ਯਕੀਨੀ ਬਣਾਓ ਕਿ ਤੁਹਾਨੂੰ ਪਤਾ ਹੈ ਕਿ ਕਾਰ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਲਈ ਤੁਸੀਂ ਜਿੰਮੇਵਾਰ ਹੋਵੋਗੇ। ਉਦਾਹਰਣ ਵਜੋਂ, ਬੀਮਾ ਕਿੱਥੋਂ ਤੱਕ ਲਾਗਤਾਂ ਨੂੰ ਪੂਰਾ ਕਰੇਗਾ?